ਮੈਂ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕਰਾਂਗਾ- ਅਨਿਲ ਵਿੱਜ
ਪਾਰਟੀ ਪਹਿਲਾਂ ਹੀ ਨਾਇਬ ਸਿੰਘ ਸੈਣੀ ਦਾ ਕਰ ਚੁੱਕੀ ਹੈ ਐਲਾਨ
ਬਿਊਰੋ
ਚੰਡੀਗੜ੍ਹ, 15 ਸਤੰਬਰ
5 ਅਕਤੂਬਰ ਨੂੰ ਹਰਿਆਣਾ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜੇਕਰ ਭਾਜਪਾ ਚੋਣ ਜਿੱਤਦੀ ਹੈ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਘਸਮਾਣ ਪੈਣ ਦੀ ਸੰਭਾਵਨਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਨਿਲ ਵਿੱਜ ਮੁੱਖ ਮੰਤਰੀ ਦੀ ਦੌੜ ਵਿਚ ਆਪਣੇ ਆਪ ਨੂੰ ਸਭ ਤੋਂ ਅੱਗੇ ਮੰਨ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹਨਾਂ ਚੋਣਾਂ ਵਿਚ ਜੇਕਰ ਭਾਜਪਾ ਸਤਾ ਵਿਚ ਆਈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਅੱਜ ਤੱਕ ਪਾਰਟੀ ਤੋਂ ਕਦੇ ਕੁੱਝ ਨਹੀਂ ਮੰਗਿਆ। ਹਰਿਆਣਾ ਦੇ ਲੋਕ ਵੀ ਕਹਿ ਰਹੇ ਹਨ ਕਿ ਮੈਂ ਪਾਰਟੀ ਵਿਚ ਸਭ ਤੋਂ ਸੀਨੀਅਰ ਹਾਂ।ਉਨ੍ਹਾਂ ਦੀ ਮੰਗ ਹੈ ਕਿ ਸੀਨੀਅਰਤਾ ਦੇ ਹਿਸਾਬ ਨਾਲ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ। ਜਿਕਰਯੋਗ ਹੈ ਕਿ ਸ੍ਰੀ ਵਿੱਜ 6 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਸਤਵੀਂ ਵਾਰ ਚੋਣ ਮੈਦਾਨ ਵਿਚ ਹਨ। ਉਧਰ ਭਾਜਪਾ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜੇਕਰ ਭਾਜਪਾ ਸੱਤਾ ਵਿਚ ਆਈ ਤਾਂ ਨਾਇਬ ਸਿੰਘ ਸੈਣੀ ਹੀ ਮੁੱਖ ਮੰਤਰੀ ਹੋਣਗੇ। ਸ੍ਰੀ ਵਿੱਜ ਨੇ ਕਿਹਾ ਕਿ ਉਹ ਆਪਣਾ ਦਾਅਵਾ ਜਰੂਰ ਪੇਸ਼ ਕਰਨਗੇ , ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ।