ਸਾਬਕਾ ਵਿਧਾਇਕ ਕੰਬੋਜ ਦੀ ਅਗਵਾਈ ਹੇਠ ਲਾਇਆ ਰੋਸ ਧਰਨਾ
ਪੰਜਾਬ ਦੀ ਢਹਿ ਢੇਰੀ ਹੋ ਰਹੀ ਅਰਥ ਵਿਵਸਥਾ 'ਤੇ ਚਿੰਤਾ ਦਾ ਪ੍ਰਗਟਾਵਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 17 ਸਤੰਬਰ
ਕਾਂਗਰਸ ਪਾਰਟੀ ਦੀ ਰਾਜਪੁਰਾ ਇਕਾਈ ਵੱਲੋਂ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਮਿੰਨੀ ਸਕਤਰੇਤ ਰਾਜਪੁਰਾ ਵਿਖੇ ਸੂਬਾ ਸਰਕਾਰ ਦੀਆਂ ਵਧੀਕੀਆਂ ਅਤੇ ਹਲਕਾ ਵਿਧਾਇਕ ਦੀਆਂ ਨਾਕਾਮੀਆਂ ਖਿਲਾਫ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ ਲਿਖੇ ਵੱਖ ਵੱਖ ਸਲੋਗਨਾ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ।ਧਰਨੇ ਵਿਚ ਕਾਂਗਰਸੀ ਕੌਂਸਲਰਾਂ, ਬਲਾਕ ਪ੍ਰਧਾਨਾ ਅਤੇ ਹੋਰ ਵਰਕਰਾਂ ਨੇ ਹਿੱਸਾ ਲਿਆ।ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ਵਿਚ ਆਈ ਹੈ, ਰਾਜਪੁਰਾ ਦੇ ਹਾਲਾਤ ਚਿੰਤਾਜਨਕ ਬਣ ਗਏ ਹਨ। ਘਰਾਂ ਦੀਆਂ ਮਹਿਲਾਵਾਂ ਸੁਰੱਖਿਅਤ ਨਹੀਂ ਹਨ।ਚੈਨ ਸਨੈਚਰ ਦਿਨ ਦਿਹਾੜੇ ਕੰਨਾ ਵਿਚੋਂ ਕਾਂਟੇ -ਵਾਲ਼ੀਆਂ, ਚੈਨਾ ਝਪਟ ਰਹੇ ਹਨ, ਜਿਸ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ।ਉਧਰ ਪੱਤਰਕਾਰਾਂ ਨਾਲ ਗਲ ਕਰਦਿਆਂ ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਰਾਜਪੁਰਾ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।ਪੰਜਾਬ ਵਿਚ ਗੈਂਗਸਟਰ ਰਾਜ ਚੱਲ ਰਿਹਾ ਹੈ, ਗੈਂਗਸਟਰ ਸਰੇਆਮ ਜੇਲ੍ਹਾਂ ਵਿਚੋਂ ਇੰਟਰਵਿਊ ਦੇ ਰਹੇ ਹਨ।ਸ੍ਰ. ਕੰਬੋਜ ਨੇ ਕਿਹਾ ਕਿ ਜਦੋਂ ਸ਼ਾਸ਼ਕ ਭ੍ਰਿਸ਼ਟ ਹੋ ਜਾਵੇ ਤਾਂ ਪ੍ਰਸ਼ਾਸਨ ਆਪੇ ਭ੍ਰਿਸ਼ਟ ਹੋ ਜਾਂਦਾ ਹੈ।ਇਕ ਇਕ ਦਿਨ ਵਿਚ ਦਸ ਦਸ ਦੁਕਾਨਾ ਦੇ ਤਾਲ਼ੇ ਟੁੱਟੇ ਹਨ,ਠੇਕੇ ਉਪਰ ਦਫਤਰ ਦਿੱਤੇ ਹੋਏ ਹਨ, ਪੰਚਾਇਤੀ ਜਮੀਨਾ ਉਪਰ ਗੈਰ ਸੰਵਿਧਾਨਕ ਤਰੀਕੇ ਨਾਲ ਕਬਜੇ ਕੀਤੇ ਜਾ ਰਹੇ ਹਨ।ਆਮ ਆਦਮੀ ਪਾਰਟੀ ਵਿਚ ਜਬਰੀ ਸ਼ਾਮਲ ਕਰਨ ਲਈ ਕਾਂਗਰਸੀ ਵਰਕਰਾਂ ਨੂੰ ਪੁਲੀਸ ਦੀ ਮਦਦ ਨਾਲ ਡਰਾਇਆ ਧਮਕਾਇਆ ਜਾ ਰਿਹਾ ਹੈ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਅਮਰ ਪਾਸੀ,ਡਿੰਪੀ ਰਾਣਾ, ਬਲਦੇਵ ਸਿੰਘ ਗਦੋਮਾਜਰਾ, ਗਿਆਨ ਚੰਦ ਸ਼ਰਮਾ, ਵਿਨੈ ਨਿਰੰਕਾਰੀ, ਜਗਨੰਦਨ ਗੁਪਤਾ, ਸਰਬਜੀਤ ਸਿੰਘ ਮਾਣਕਪੁਰ, ਨਰਿੰਦਰ ਸੋਨੀ, ਜਸਵਿੰਦਰ ਕੋਟਲਾ, ਵਰੁਣ ਮੁੰਡੇਜਾ,ਵਿਜੈ ਗੌਤਮ ਤੋਂ ਇਲਾਵ ਹੋਰ ਵਰਕਰ ਮੌਜੂਦ ਸਨ।