ਹਾਏ ਸੁਸਰੀ ! ਸੁਸਰੀ ਅੰਦਰ , ਕਲੋਨੀ ਵਾਸੀ ਬਾਹਰ


ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 20 ਸਤੰਬਰ
ਗਣੇਸ਼ ਨਗਰ ਦੇ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੋਹਿੰਦਰ ਸਿੰਘ ਗਣੇਸ਼ ਨਗਰ ਦੀ ਅਗਵਾਈ ਹੇਠ ਐਸਡੀਐਮ ਰਾਜਪੁਰਾ ਨਾਲ ਮੁਲਾਕਾਤ ਕੀਤੀ ਅਤੇ ਵੇਅਰ ਹਾਊਸ ਦੇ ਮੈਨੇਜਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਕਣਕ ਦੇ ਗੁਦਾਮਾਂ ਵਿਚੋਂ ਉੱਡਦੀ ਸੁਸਰੀ ਤੋਂ ਪ੍ਰੇਸ਼ਾਨ ਲੋਕਾਂ ਅਤੇ ਮੋਹਿੰਦਰ ਸਿੰਘ ਗਣੇਸ਼ ਨਗਰ ਨੇ ਦੱਸਿਆ ਕਿ ਵਿਧਾਇਕਾ ਨੀਨਾ ਮਿੱਤਲ ਨੇ ਡਿਪਟੀ ਕਮਿਸ਼ਨਰ ਪਟਿਆਲ਼ਾ ਨੂੰ ਉਕਤ ਵੇਅਰ ਹਾਊਸ ਦੇ ਮੈਨੇਜਰ ਦੀ ਸ਼ਿਕਾਇਤ ਕੀਤੀ ਸੀ ਕਿ ਸੁਸਰੀ ਮਾਰਨ ਲਈ ਆਉਂਦੀ ਦਵਾਈ ਗੁਦਾਮਾਂ ਵਿਚ ਸਪਰੇਅ ਨਾ ਕਰ ਕੇ ਵੇਚ ਦਿੱਤੀ ਗਈ ਹੈ। ਡਿਪਟੀ ਕਮਿਸ਼ਨ ਨੇ ਉਹ ਸ਼ਿਕਾਇਤ ਐਸਡੀਐਮ ਰਾਜਪੁਰਾ ਨੂੰ ਮਾਰਕ ਕਰ ਦਿੱਤੀ ਸੀ ਪਰ ਇਕ ਹਫ਼ਤਾ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।ਉਨ੍ਹਾਂ ਦੱਸਿਆ ਕਿ ਦਵਾਈ ਦਾ ਛਿੜਕਾਅ ਨਾ ਹੋਣ ਕਾਰਨ ਸੁਸਰੀ ਦਾ ਕਹਿਰ ਜਾਰੀ ਹੈ ਉਨ੍ਹਾਂ ਦੱਸਿਆ ਕਿ ਰਾਤ ਨੂੰ ਹੁਣ ਵੀ ਗੁਦਾਮਾਂ ਦੇ ਦਰਵਾਜ਼ੇ ਖੋਲ੍ਹ ਕੇ ਪਟਾਕੇ ਵਜਾ ਕੇ ਸੁਸਰੀ ਉਡਾਈ ਜਾਂਦੀ ਹੈ, ਜੋ ਕਿ ਗਣੇਸ਼ ਨਗਰ, ਭੱਠਾ ਲਛਮਣ ਦਾਸ, ਸ਼ਹੀਦ ਭਗਤ ਸਿੰਘ ਕਲੋਨੀ, ਗੁਲਾਬ ਨਗਰ ਅਤੇ ਸਲਾਮਪੁਰ ਵਿਖੇ ਲੋਕਾਂ ਦੇ ਘਰਾਂ ਵਿਚ ਵੜ ਕੇ ਪ੍ਰੇਸ਼ਾਨ ਕਰਦੀ ਹੈ।ਜਿਸ ਕਾਰਨ ਰਾਤ ਨੂੰ ਸੌਣਾ ਬਹੁਤ ਮੁਸ਼ਕਲ ਹੈ।ਉਨ੍ਹਾਂ ਮੰਗ ਕੀਤੀ ਕਿ ਗ਼ਾਇਬ ਕੀਤੀ ਦਵਾਈ ਸਬੰਧੀ ਜਾਂਚ ਕਰਵਾਈ ਜਾਵੇ ਅਤੇ ਮੈਨੇਜਰ ਨੂੰ ਇੱਥੋਂ ਬਦਲਿਆ ਜਾਵੇ।ਐਸਡੀਐਮ ਰਵਿੰਦਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸ਼ਿਕਾਇਤ ਉਪਰ ਜਲਦ ਕਾਰਵਾਈ ਕੀਤੀ ਜਾਵੇਗੀ।