ਸੁਖਬੀਰ ਬਾਦਲ ਉਪਰ ਹੋਏ ਹਮਲੇ ਦੀ ਸੰਖੇਪ ਵਿਚ ਜਾਣਕਾਰੀ
ਸ੍ਰੀ ਅੰਮ੍ਰਿਤਸਰ ਸਾਹਿਬ, 4 ਦਸੰਬਰ
ਹਿੰਦ-ਫਤਿਹ ਨਿਊਜ਼ (ਦਰਸ਼ਨ ਸਿੰਘ ਮਿੱਠਾ)
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਧਾਰਮਿਕ ਸਜਾ ਵਜੋਂ ਪਹਿਰੇਦਾਰੀ ਦੀ ਸੇਵਾ ਕਰ ਰਹੇ ਸਾਬਕਾ ਡਿਪਟੀ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਉਪਰ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ।ਗੋਲ਼ੀ ਚਲਾਉਣ ਵਾਲ਼ੇ ਦੀ ਪਹਿਚਾਣ ਅਕਾਲ ਫੈਡਰੇਸ਼ਨ ਦੇ ਆਗੂ ਨਰਾਇਣ ਸਿੰਘ ਜੋੜਾ ਵਜੋਂ ਹੋਈ ਹੈ। ਸੁਖਬੀਰ ਬਾਦਲ ਤੋਂ ਕੁਝ ਹੀ ਕਦਮਾ ਦੀ ਦੂਰੀ ਤੋਂ ਜਿਵੇਂ ਹੀ ਨਰਾਇਣ ਸਿੰਘ ਜੋੜਾ ਨੇ ਆਪਣੇ ਡੱਬ ਵਿਚੋਂ ਪਿਸਤੋਲ ਕੱਢ ਕੇ ਸੁਖਬੀਰ ਬਾਦਲ ਵੱਲ ਸੇਧੀ ਤਾਂ ਉਨ੍ਹਾਂ ਨਾਲ ਸਿਵਲ ਵਰਦੀ ਵਿਚ ਖੜੇ ਪੰਜਾਬ ਪੁਲੀਸ ਦੇ ਜਵਾਨ ਨੇ ਭੱਜ ਕੇ ਉਸ ਦੀ ਪਿਸਤੋਲ ਵਾਲ਼ੇ ਹੱਥ ਨੂੰ ਉਪਰ ਚੁੱਕ ਦਿੱਤਾ ਅਤੇ ਦੂਜੇ ਮੁਲਾਜ਼ਮਾ ਨੇ ਵੀ ਉਸ ਨੂੰ ਕਾਬੂ ਕਰਨ ਲਈ ਜਫਾ ਮਾਰ ਲਿਆ। ਇਸ ਦੌਰਾਨ ਹੀ ਪਿਸਤੌਲ ਵਿਚੋਂ ਗੋਲ਼ੀ ਚੱਲ ਗਈ ਜੋ ਕਿ ਚਰਨ ਗੰਗਾ ਕੋਲ ਜਾ ਕੇ ਵੱਜੀ। ਨਰਾਇਣ ਸਿੰਘ ਜੋੜਾ ਨੂੰ ਤੁਰੰਤ ਕਾਬੂ ਕਰ ਲਿਆ ਗਿਆ।ਇਸ ਉਪਰੰਤ ਸੁਖਬੀਰ ਬਾਦਲ ਨੂੰ ਤੁਰੰਤ ਸੁਰੱਖਿਆ ਘੇਰੇ ਵਿਚ ਲੈ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਤੁਰੰਤ ਮੌਕੇ 'ਤੇ ਪੁੱਜੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੋਲ਼ੀ ਚਲਾਉਣ ਵਾਲ਼ਾ ਸਖਸ਼ ਨਰਾਇਣ ਸਿੰਘ ਜੋੜਾ ਹੈ ਜਿਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।ਉਨ੍ਹਾਂ ਕਿਹਾ ਕਿ ਜਿਸ ਵੇਲ਼ੇ ਗੋਲ਼ੀ ਚਲਾਉਣ ਦਾ ਯਤਨ ਕੀਤਾ ਗਿਆ ਉਸ ਵੇਲ਼ੇ ਸੁਖਬੀਰ ਬਾਦਲ ਦੀ ਸੁਰੱਖਿਆ ਵਿਚ ਸਾਦੇ ਕਪੜਿਆਂ ਵਿਚ ਤਿੰਨ ਪੁਲੀਸ ਕਰਮਚਾਰੀ (ਏਐਸਆਈ ਜਸਪਾਲ ਸਿੰਘ, ਏਐਸਆਈ ਰਸ਼ਪਾਲ ਸਿੰਘ ਅਤੇ ਏਐਸਆਈ ਪਰਮਿੰਦਰ ਸਿੰਘ) ਮੌਜੁਦ ਸਨ। ਏਐਸਾਈ ਰਸ਼ਪਾਲ ਸਿੰਘ ਨੇ ਨਰਾਇਣ ਸਿੰਘ ਜੋੜਾ ਨੂੰ ਪਹਿਚਾਣ ਲਿਆਂ ਅਤੇ ਜਸਪਾਲ ਸਿੰਘ ਨੇ ਉਸ ਨੂੰ ਜਫਾ ਪਾ ਕੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਤਿੰਨੋ ਪੁਲੀਸ ਮੁਲਾਜ਼ਮਾ ਦੀ ਮੁਸਤੈਦੀ ਸਦਕਾ ਇਹ ਹਮਲਾ ਨਾਕਾਮ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।